ਇਹ ਦਿਨ شاہ مکھی

ਸ਼ਿਵ ਕੁਮਾਰ ਬਟਾਲਵੀ ਦੀ ਬਾਬਾ ਬੂਝਾ ਸਿੰਘ ਨੂੰ ਸ਼ਰਧਾਂਜਲੀ
ਰੁੱਖ ਨੂੰ ਫਾਂਸੀ

ਮੇਰੇ ਪਿੰਡ ਦੇ ਕਿਸੇ ਰੁੱਖ ਨੂੰ
ਮੈਂ ਸੁਣਿਐ ਜੇਲ੍ਹ ਹੋ ਗਈ ਹੈ।
ਉਹਦੇ ਕਈ ਦੋਸ਼ ਸਨ
ਉਹਦੇ ਪੱਤ ਸਾਵਿਆਂ ਦੀ ਥਾਂ
ਹਮੇਸ਼ਾ ਲਾਲ ਉੱਗਦੇ ਸਨ
ਬਿਨਾ ਵਾ ਦੇ ਵੀ ਉੱਡਦੇ ਸਨ।
ਉਹ ਪਿੰਡ ਤੋਂ ਬਾਹਰ ਨਹੀਂ
ਪਿੰਡ ਦੇ ਸਗੋਂ ਉਹ ਖੂਹ ਚ ਉੱਗਿਆ ਸੀ।
ਤੇ ਜਦ ਵੀ ਝੂਮਦਾ ਤਾਂ ਉਹ ਸਦਾ ਛਾਂਵਾਂ ਹਿਲਾਉਂਦਾ ਸੀ।
ਤੇ ਧੁੱਪਾਂ ਨੂੰ ਡਰਾਉਂਦਾ ਸੀ
ਤੇ ਰਾਹੀਆਂ ਨੂੰ ਤੁਰੇ ਜਾਂਦੇ ਉਹ
ਧੁੱਪਾਂ ਤੋਂ ਬਚਾਉਂਦਾ ਸੀ।
ਤੇ ਪਾਣੀ ਭਰਦੀਆਂ ਕੁੜੀਆਂ ਨੂੰ
ਧੀ ਕਹਿ ਕੇ ਬੁਲਾਉਂਦਾ ਸੀ।

ਤੇ ਇਹ ਵੀ ਸੁਣਨ ਵਿਚ ਆਇਐ
ਕਿ ਉਸਦੇ ਪੈਰ ਵੀ ਕਈ ਸਨ।
ਤੇ ਉਹ ਰਾਤਾਂ ਨੂੰ ਤੁਰਦਾ ਸੀ।
ਤੇ ਪਿੰਡ ਦੇ ਸਾਰਿਆਂ ਰੁੱਖਾਂ ਨੂੰ ਮਿਲ ਕੇ
ਰੋਜ਼ ਮੁੜਦਾ ਸੀ।
ਤੇ ਅੱਧ-ਰੈਣੀ ਹਵਾ ਦੀ ਗੱਲ ਕਰਕੇ
ਰੋਜ਼ ਝੁਰਦਾ ਸੀ।
ਭਲਾ ਯਾਰੋ ਅਜਬ ਗੱਲ ਹੈ
ਮੈਂ ਸਾਰੀ ਉਮਰ ਸਭ ਰੁੱਖਾਂ ਦੀਆਂ
ਸ਼ਾਖ਼ਾਂ ਤਾਂ ਤੱਕੀਆਂ ਸਨ
ਕੀ ਰੁੱਖਾਂ ਦੇ ਵੀ ਮੇਰੇ ਦੋਸਤੋ
ਕਿਤੇ ਪੈਰ ਹੁੰਦੇ ਹਨ?

ਤੇ ਅੱਜ ਅਖ਼ਬਾਰ ਵਿਚ ਪੜਿਐ
ਕਿ ਉਹ ਹਥਿਆਰਬੰਦ ਰੁੱਖ ਸੀ
ਉਹਦੇ ਪੱਲੇ ਬੰਦੂਕਾਂ, ਬੰਬ ਤੇ ਲ਼ੱਖਾਂ ਸੰਗੀਨਾਂ ਸੀ
ਮੈਂ ਰੁੱਖਾਂ ਕੋਲ ਸਦਾ ਰਹਿੰਦੀਆਂ
ਛਾਂਵਾਂ ਤਾਂ ਸੁਣੀਆਂ ਸਨ
ਪਰ ਬੰਬਾਂ ਦੀ ਅਜਬ ਗੱਲ ਹੈ।

ਤੇ ਇਹ ਝੂਠੀ ਖ਼ਬਰ ਪੜ੍ਹ ਕੇ
ਮੈਨੂੰ ਇਤਬਾਰ ਨਹੀਂ ਆਉਂਦਾ
ਕਿ ਉਹਨਾਂ ਪਿੰਡ ਦੇ
ਇਕ ਹੋਰ ਰੁੱਖ ਨੂੰ ਮਾਰ ਦਿੱਤਾ ਹੈ
ਜਿਹੜਾ ਪਿੰਡ ਦੇ ਸਾਹਵਾਂ ਦੇ ਘਰ
ਵਿਹੜੇ ਚ ਉੱਗਿਆ ਸੀ
ਜਿਸ ਤੋਂ ਰੋਜ਼ ਕੋਈ ਕਾਗ
ਚੁਗਲੀ ਕਰਨ ਉਡਦਾ ਸੀ।

ਤੇ ਅੱਜ ਕਿਸੇ ਯਾਰ ਨੇ ਦਸਿਐ
ਜੋ ਮੇਰੇ ਪਿੰਡ ਤੋਂ ਆਇਐ
ਕਿ ਮੇਰੇ ਉਸ ਪਿੰਡ ਦੇ ਰੁਖ ਨੂੰ
ਫਾਂਸੀ ਹੋ ਰਹੀ ਹੈ
ਉਹਦਾ ਪਿਉ ਕਿੱਕਰਾਂ ਵਰਗਾ
ਤੇ ਮਾਂ ਬੇਰੀ ਜਿਹੀ ਰੋ ਰਹੀ ਹੈ।

Back to top      Back to Home Page